ੴ ਸਤਿਗੁਰੂ ਪ੍ਰਸਾਦਿ ਇਤਹਾਸ ਅਤੇ ਮੱਹਤਤਾ
ਮਣੀਕਰਣ ਪ੍ਰਾਚੀਨ ਸਮੇਂ ਤੋਂ ਹੀ ਹਿਮੰਡ ਵਿੱਚ ਸੱਭ ਤੋਂ ਉਤਮ ਤੀਰਥ ਮੰਨਿਆਂ ਗਿਆ ਹੈ। ਹਿਮੰਡ ਪੁਰਾਣ ਵਿੱਚ ਵੇਦ ਨੇ ਇਸ ਦਾ ਨਾਮ ਹਰੀ ਹਰ ਆਖਿਆ ਹੈ।ਇਸ ਦਾ ਦੂਸਰਾ ਨਾਂ ਅਰਧ ਨਾਰੀਸ਼ਵਰ ਤੇ ਤੀਸਰਾ ਚਿੰਤਾਮਣੀ ਹੈ। ਇੱਥੇ ਭਗਵਾਨ ਸ਼ੰਕਰ ਜੀ ਨੇ ਮਾਤਾ ਪਾਰਬਤੀ ਸਮੇਤ ੧੧,੦੦੦ ਸਾਲ ਤੱਪ ਕੀਤਾ। ਇੱਕ ਦਿਨ ਜਲ ਕੀੜਾ ਕਰਦਿਆਂ ਮਾਤਾ ਪਾਰਬਤੀ ਜੀ ਦੀ ਚਿੰਤਾਮਣੀ ਢਿਗ ਗਈ ਜੋ ਸਿੱਧੀ ਪਤਾਲ ਲੋਕ ਵਿੱਚ ਸ਼ੇਸ਼ਨਾਗ ਕੋਲ ਪੰਹੁਚ ਗਈ।ਇਸ ਦੇ ਅਧਿਕਾਰੀ ਜਾਂ ਤਾਂ ਸੰਕਰ ਜੀ ਸਨ ਜਾਂ ਤਾਂ ਸ਼ੇਸ਼ਨਾਗ। ਸੰਕਰ ਜੀ ਨੇ ਆਪਣੇ ਗੁਣਾਂ ਨੂੰ ਮਣੀ ਤਲਾਸ਼ ਕਰਣ ਲਈ ਭੇਜਿਆ ਪਰ ਮਣੀ ਨਾ ਮਿਲੀ, ਸੰਕਰ ਜੀ ਗੁੱਸੇ ਵਿੱਚ ਆ ਕੇ ਤੀਸਰਾ ਨੇਤਰ ਖੋਲਣ ਲੱਗੇ ਤਾਂ ਸਾਰੀ ਧਰਤੀ ਕੰਬ ਗਈ ਤੱਦ ਸੰਕਰ ਜੀ ਦੇ ਨੇਤਰਾਂ ਵਿਚੋਂ ਨੈਣਾਂ ਦੇਵੀ ਪ੍ਰਗਟ ਹੋਈ। ਮਣੀਕਰਣ ਨੈਣਾਂ ਦੇਵੀ ਦਾ ਜਨਮ ਅਸਥਾਨ ਹੈ। ਨੈਣਾਂ ਦੇਵੀ ਨੇ ਸ਼ੇਸ਼ਨਾਗ ਨੂੰ ਮਣੀ ਵਾਪਸ ਕਰਣ ਲਈ ਕਿਹਾ, ਸ਼ੇਸ਼ਨਾਗ ਨੇ ਫੁਕਾਰੇ ਰਾਹੀਂ ਮਣੀ ਭੇਟਾ ਕਰ ਦਿੱਤੀ । ਇਸ ਲਈ ਇਸ ਅਸਥਾਨ ਦਾ ਨਾਂ ਮਣੀਕਰਣ ਪੈ ਗਿਆ। ਸ਼ੇਸ਼ਨਾਗ ਨੇ ਸੰਕਰ ਜੀ ਨੂੰ ਖੁਸ਼ ਕਰਨ ਲਈ ਅਨੇਕਾਂ ਮਣੀਆਂ ਭੇਜਵਾਣੀਆਂ ਸ਼ੁਰੂ ਕਰ ਦਿਤਿਆਂ। ਸੰਕਰ ਜੀ ਨੇ ਮਾਤਾ ਪਾਰਬਤੀ ਨੂੰ ਆਪਣੀ ਮਣੀ ਪਹਿਚਾਨਣ ਲਈ ਕਿਹਾ, ਬਾਕੀ ਮਣੀਆਂ ਨੂੰ ਪੱਥਰ ਰੂਪ ਰਹਿਣ ਦਾ ਸਰਾਪ ਦਿੱਤਾ ਤਾਂ ਕਿ ਕਲਯੂਗ ਵਿੱਚ ਆ ਕੇ ਲੋਕ ਝਗੜੇ ਨਾਂ ਕਰਨ। ਮਣੀਕਰਣ ਦਾ ਸਾਰਾ ਇਲਾਕਾ ਗਰਮ ਹੈ। ਕਲਯੂਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਸੰਸਾਰੀ ਜੀਵਾਂ ਦਾ ਉਧਾਰ ਕਰਦੇ '15 ਅੱਸੂ 1574 ਸੰਮਤ ਨੂੰ ਬਾਲੇ ਤੇ ਮਰਦਾਨੇ ਸਮੇਤ ਮਣੀਕਰਣ ਪਹੁੰਚੇ ਇਥੇ ਆ ਕੇ ਮਰਦਾਨੇ ਨੂੰ ਭੁੱਖ ਲੱਗ ਗਈ ਤੇ ਗੁਰੂ ਜੀ ਨੂੰ ਕਹਿਣ ਲੱਗਾ ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ ਹੈ। ਇਹ ਸੁਣ ਦੇ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰੇ ਹਟਾਉਣ ਲਈ ਕਿਹਾ। ਜਦੋਂ ਮਰਦਾਨੇ ਨੇ ਪਥੱਰ ਪਰੇ ਹਟਾਇਆ ਤਾਂ ਹੇਠੋਂ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਗੁਰੂ ਜੀ ਨੇ ਉਸ ਨੂੰ ਰੋਟਿਆਂ ਘੜ ਕੇ ਪਾਉਣ ਲਈ ਕਿਹਾ। ਜਦੋਂ ਮਰਦਾਨੇ ਨੇ ਰੋਟਿਆਂ ਪਾਇਆਂ ਤਾਂ ਸਾਰੀਆਂ ਰੋਟਿਆਂ ਡੁੱਬ ਗਈਆਂ। ਹੈਰਾਨ ਹੋਇਆ ਮਰਦਾਨਾ ਕਹਿਣ ਲੱਗਾ, “ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ। ਗੁਰੂ ਜੀ ਕਹਿਣ ਲੱਗੇ, “ਮਰਦਾਨਿਆ ਅਰਦਾਸ ਕਰ ਇੱਕ ਰੋਟੀ ਰੱਬ ਦੇ ਨਾਂ ਦੀ ਛਡੇਗਾ। ਮਰਦਾਨੇ ਦੇ ਅਰਦਾਸ ਕਰਨ ਤੇ ਸਾਰੀਆਂ ਰੋਟੀਆਂ ਪੱਕ ਕੇ ਤਰ ਆਇਆਂ। ਮਰਦਾਨਾ ਬਹੁਤ ਖੁਸ਼ ਹੋਇਆ। ਭੋਜਨ ਛੱਕ ਕੇ ਤ੍ਰਿਪਤ ਹੋਇਆ ਆਖਣ ਲੱਗਾ, “ ਗੁਰੂ ਜੀ ਇੱਥੇ ਹੀ ਰਹਿ ਪਈਏ, ਤੁਹਾਨੂੰ ਤਾਂ ਭੁੱਖ ਲਗੱਦੀ ਨਹੀਂ, ਮੇਰਾ ਕੰਮ ਅਸਾਨੀ ਨਾਲ ਚਲਦਾ ਰਹੇਗਾ। ਗੁਰੂ ਜੀ ਕਹਿਣ ਲੱਗੇ, “ਮਰਦਾਨਿਆ ਇਹ ਸੱਤਯੁੱਗੀ ਅਸਥਾਨ ਹੈ, ਸੱਤਯੁੱਗ ਵਿੱਚ ਇਸ ਦੀ ਬਹੁਤ ਮਹਤਤਾ ਹੋਵੇਗੀ। ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰਾਂ ਲੰਗਰ ਪੱਕਦਾ ਹੈ। ਸੰਨ ੧੯੪੦ ਵਿੱਚ ਸੱਚ ਖੰਡ ਵਾਸੀ ਸੰਤ ਬਾਬਾ ਨਾਰਾਇਣ ਹਰੀ ਜੀ ਨੇ ਇਸ ਅਸਥਾਨ ਦੀ ਖੋਜ ਕੀਤੀ ਤੇ ਨਿਰਮਾਣ ਅਰੰਭ ਕੀਤਾ। ਇਸ ਸਮੇਂ ਪੂਜਯ ਦੇਵਾ ਜੀ ਇਸ ਅਸਥਾਨ ਦੇ ਮੁੱਖੀ ਤੇ ਪਰਮ ਪੂਜਯ ਬਾਬਾ ਜੀ ਦੇ ਦਾਮਾਦ ਬਾਬਾ ਸ੍ਰੀ ਰਾਮ ਜੀ ਪ੍ਰਬੰਧ ਕਾਰਜ ਸੰਭਾਲਦੇ ਹਨ।